ਪਟਿਆਲਾ: 16 ਫਰਵਰੀ, 2016
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਐਨ.ਐਸ.ਐਸ. ਵਿਭਾਗ ਵੱਲੋਂ “ਬੇਟੀ ਬਚਾਓ – ਬੇਟੀ ਪੜ੍ਹਾਓ“ ਮੁਹਿੰਮ ਤਹਿਤ ਇੱਕ ਵਿਸ਼ੇਸ਼ ਭਾਸ਼ਣ ਆਯੋਜਿਤ ਕੀਤਾ ਗਿਆ। ਇਸ ਭਾਸ਼ਣ ਵਿੱਚ ਮਹਿਮਾਨ ਵਕਤਾ ਵਜੋਂ ਬੋਲਦਿਆਂ ਐਡਵੋਕੇਟ ਕੁਸਮ ਸੂਦ ਨੇ ਕਿਹਾ ਕਿ ਲੜਕੀਆਂ ਨੂੰ ਵਿਆਹ ਵੇਲੇ ਦਾਜ ਦਾ ਸਮਾਨ ਦੇਣ ਨਾਲੋਂ ਉਨ੍ਹਾਂ ਨੂੰ ਚੰਗੀ ਪੜ੍ਹਾਈ ਕਰਵਾ ਕੇ ਤੇ ਹੁਨਰਮੰਦ ਬਣਾ ਕੇ ਰੁਜ਼ਗਾਰ ਦੇ ਕਾਬਲ ਬਣਾਉਣਾ ਜ਼ਿਆਦਾ ਮਹੱਤਵਪੂਰਨ ਹੈ। ਅਜਿਹਾ ਕਰਕੇ ਅਸੀਂ ਔਰਤਾਂ ਨੂੰ ਵਧੇਰੇ ਸ਼ਕਤੀਸ਼ਾਲੀ ਅਤੇ ਸਮਾਜਿਕ ਧੱਕੇਸ਼ਾਹੀ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾ ਸਕਾਂਗੇ। ਵਿਦਵਾਨ ਵਕਤਾ ਨੇ ਦੱਸਿਆ ਕਿ ਕੁੜੀਆਂ ਨੂੰ ਤਾਂ ਮੱਧਕਾਲ ਤੋਂ ਹੀ ਵੱਖ-ਵੱਖ ਢੰਗਾਂ ਨਾਲ ਮਾਰਿਆ ਜਾਂਦਾ ਰਿਹਾ ਹੈ, ਪਰੰਤੂ ਅਜੋਕੇ ਵਿਗਿਆਨਕ ਯੁੱਗ ਵਿੱਚ ਉਨ੍ਹਾਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿੱਚ ਮਾਰ ਦਿੱਤਾ ਜਾਂਦਾ ਹੈ। ਉਨ੍ਹਾਂ ਇਸ ਗੱਲ ਤੇ ਅਫ਼ਸੋਸ ਪ੍ਰਗਟ ਕੀਤਾ ਕਿ ਲੜਕੀਆਂ ਦੇ ਕਾਨੂੰਨੀ ਅਧਿਕਾਰ ਹੋਣ ਦੇ ਬਾਵਜੂਦ ਸਾਡੇ ਸਮਾਜ ਵਿੱਚ ਲਿੰਗ-ਅਧਾਰਿਤ ਵਿਤਕਰਾ ਹਰ ਪੱਧਰ ਤੇ ਹੋ ਰਿਹਾ ਹੈ। ਇਸ ਸਮਾਜਿਕ ਲਾਹਨਤ ਨੂੰ ਖਤਮ ਕਰਨ ਲਈ ਸਮਾਜਿਕ ਚੇਤਨਾ ਅਤੇ ਪ੍ਰਤਿਬੱਧਤਾ ਦੀ ਲੋੜ ਹੈ। ਸਿੱਖਿਆ ਔਰਤਾਂ ਦੇ ਸ਼ਕਤੀਕਰਨ ਦਾ ਬਹੁਤ ਹੀ ਕਾਰਗਰ ਹਥਿਆਰ ਹੈ। ਦਾਜ ਦੀ ਪ੍ਰਥਾ ਅਤੇ ਲੜਕੀਆਂ ਦੇ ਪਾਲਣ ਪੋਸ਼ਣ ਅਤੇ ਸੁਰੱਖਿਆ ਬਾਰੇ ਮਾਪੇ ਹਮੇਸ਼ਾਂ ਹੀ ਚਿੰਤਤ ਰਹਿੰਦੇ ਹਨ। ਸਮਾਜ ਵਿੱਚ ਲੜਕੀਆਂ ਵਿਰੁੱਧ ਹੋ ਰਹੇ ਨਿਰੰਤਰ ਘਿਨਾਉਣੇ ਜਿਸਮਾਨੀ ਅਤੇ ਮਾਨਸਿਕ ਅਪਰਾਧ ਅਤੇ ਘਰੇਲੂ ਹਿੰਸਾ ਚਿੰਤਾ ਦੇ ਵਿਸ਼ੇ ਹਨ। ਭਾਰਤ ਸਰਕਾਰ ਵੱਲੋਂ “ਬੇਟੀ ਬਚਾਓ – ਬੇਟੀ ਪੜ੍ਹਾਓ“ ਮੁਹਿੰਮ ਲਾਗੂ ਕਰਕੇ ਇਸ ਮਹੱਤਵਪੂਰਨ ਪੱਖ ਵੱਲ ਸਮਾਜ ਦਾ ਧਿਆਨ ਖਿੱਚਿਆ ਗਿਆ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮਹਿਮਾਨ ਵਕਤਾ ਦਾ ਸਵਾਗਤ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਜੇਕਰ ਲੜਕਿਆਂ ਦੇ ਬਰਾਬਰ ਵਧਣ ਫੁਲਣ ਦੇ ਮੌਕੇ ਮਿਲਣ ਤਾਂ ਉਹ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਮੱਲਾਂ ਮਾਰ ਸਕਦੀਆਂ ਹਨ। ਔਰਤਾਂ ਦੀ ਖੁਸ਼ਹਾਲੀ ਅਤੇ ਸ਼ਕਤੀਕਰਨ ਨਾਲ ਹੀ ਸਮਾਜ ਸਮੁੱਚੇ ਰੂਪ ਵਿੱਚ ਵਿਕਾਸ ਕਰ ਸਕਦਾ ਹੈ। ਇਸ ਲਈ ਲੜਕੀਆਂ ਨੂੰ ਕੁੱਖਾਂ ਵਿੱਚ ਮਾਰਨ ਦੀ ਬਜਾਏ ਉਨ੍ਹਾਂ ਦੇ ਜਨਮ ਲੈਣ ਦੇ ਅਧਿਕਾਰ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਜਨਮ ਉਪਰੰਤ ਉਸਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।
ਹਾਜ਼ਰ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਕਈ ਦਿਲਚਸਪ ਸਵਾਲਾਂ ਦੇ ਜਵਾਬ ਵਿਦਵਾਨ ਵਕਤਾ ਵੱਲੋਂ ਦਿੱਤੇ ਗਏ। ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ ਨੇ ਮੰਚ ਸੰਚਾਲਨ ਦਾ ਕਾਰਜ ਨਿਭਾਇਆ। ਪ੍ਰੋ. ਹਰਮੋਹਨ ਸ਼ਰਮਾ ਨੇ ਧੰਨਵਾਦ ਦੇ ਸ਼ਬਦ ਕਹੇ। ਪ੍ਰੋ. ਜਗਦੀਪ ਕੌਰ ਨੇ ਇਸ ਸਮਾਗਮ ਦੀ ਤਿਆਰੀ ਲਈ ਵਿਸ਼ੇਸ਼ ਯਤਨ ਕੀਤੇ। ਇਸ ਭਾਸ਼ਣ ਦੌਰਾਨ ਵੱਡੀ ਗਿਣਤੀ ਵਿੱਚ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਰਹੇ।
ਪ੍ਰਿੰਸੀਪਲ
#mhrd #mmmcpta #BetiBachaoBetiPadhao #NSS